ਭਿੱਖਿਆ ਨਾ ਮੰਗਣੀ

ਬਾਬਾ ਜੀ ਨੇ ਕਦੇ ਭਿੱਖਿਆ ਨਹੀਂ ਮੰਗੀ ਸੀ। ਉਨ੍ਹਾਂ ਨੇ ਕਦੇ ਵੀ ਕਿਸੇ ਅੱਗੇ ਹੱਥ ਨਹੀਂ ਅੱਡੇ ਸਨ। ਉਹ ਆਪਣੀ ਇਲਾਹੀ ਮੌਜ ਵਿੱਚ ਕਿਹਾ ਕਰਦੇ ਸਨ ਕਿ ਫ਼ਕੀਰ ਤਾਂ ਦਾਤਾ ਹੁੰਦਾ ਹੈ, ਮੰਗਤਾ ਨਹੀਂ। ਇਸ ਤਰ੍ਹਾਂ ਗੁਰੂ ਦਾ ਸੱਚਾ ਸਿੱਖ ਵੀ ਦਾਤਾ ਹੁੰਦਾ ਹੈ। ਸੱਚੇ ਸੰਤ ਸਦਾ ਦਾਤਾਂ ਵੰਡਦੇ ਹਨ, ਮੰਗਦੇ ਨਹੀਂ, ਉਨਾਂ ਦੇ ਹੱਥ ਦੀ ਤਲੀ ਦਾਤਾਂ ਵੰਡਣ ਲਈ ਸਦਾ ਹੇਠਾਂ ਨੂੰ ਰਹਿੰਦੀ ਹੈ। ਜੇ ਉਹ ਮੰਗਣ ਲਈ ਹੱਥ ਉੱਪਰ ਵੱਲ ਕਰ ਲੈਣ ਤਾਂ ਉਹ ਭਿਖਾਰੀ ਹਨ। ਇਸ ਵਿੱਚਾਰ ਨੂੰ ਵਧੇਰੇ ਸਪਸ਼ਟ ਕਰਦਿਆਂ ਹੋਇਆ, ਉਨ੍ਹਾਂ ਇਕ ਵਾਰ ਕਿਹਾ, ਜੇ ਕੋਈ ਸੇਵਕ, ਯਾਤਰੂ ਜਾ ਸ਼ਰਧਾਲੂ ਕਿਸੇ ਸੰਤ ਨੂੰ 500 ਰੁਪਏ ਦੇ ਦੇਵੇ ਤਾਂ ਉਹ ਲੈ ਕੇ ਆਪਣੀ ਜੇਬ ਵਿੱਚ ਪਾ ਲਏ ਤਾਂ ਫਿਰ ਦੋਹਾਂ ਵਿੱਚੋਂ ਬਿਰੱਕਤ ਕੌਣ ਹੋਇਆ। ਸਾਫ ਜ਼ਾਹਰ ਹੈ ਜਿਸ ਗ੍ਰਹਿਸਥੀ ਜਾਂ ਸੇਵਕ ਨੇ ਪੈਸੇ ਦਿੱਤੇ ਹਨ ਉਹ ਬਿਰੱਕਤ ਹੋਇਆ। ਜਿਹੜੇ ਸੰਤ ਨੇ ਉਹ ਪੈਸੇ ਆਪਣੀ ਜੇਬ ਵਿੱਚ ਪਾ ਲਏ, ਉਸ ਨੇ ਮਾਇਆ ਦੇ ਇਕ ਰੂਪ ਦਾ ਉਪਯੋਗ ਕਰ ਲਿਆ ਹੈ, ਮਾਇਆ ਦੇ ਦੋ ਹਾਜ਼ਰਾ ਰੂਪ ਹਨ ਕਾਮਿਨੀ ਅਤੇ ਕੰਚਨ। ਇਹ ਇਕੋ ਸਿੱਕੇ ਦੇ ਦੋ ਪਾਸੇ ਹਨ। ਮਾਇਆ ਪਰਵਾਨ ਕਰਨੀ, ਕੋਲ ਰੱਖਣੀ ਤੇ ਉਪਯੋਗ ਕਰਨੀ ਮਾਇਆ ਦਾ ਇਕ ਰੂਪ ਹੈ, ਇਕ ਕੰਚਨ ਹੈ। ਇਸ ਦਾ ਦੂਜਾ ਅਨਿਖੜ ਰੂਪ ਕਾਮਨੀ ਹੈ, ਉਸ ਸੇਵਕ ਦੀ ਪਤਨੀ, ਭੈਣ ਜਾਂ ਪੁੱਤਰੀ ਦੇ ਰੂਪ ਵਿੱਚ ਕਾਮਨੀ ਵੀ ਉਸ ਸੰਤ ਦੇ ਸਾਹਮਣੇ ਹੈ। ਜਿਹੜਾ ਸੰਤ ਮਾਇਆ ਦਾ ਲਾਲਚੀ ਹੈ, ਉਹ ਔਰਤ ਬਾਰੇ ਮੰਦ ਭਾਵਨਾਵਾਂ ਤੋਂ ਕਿਵੇਂ ਬੱਚ ਸਕਦਾ ਹੈ?

ਇਕ ਸੰਤ ਅਤੇ ਸੱਚੇ ਸਿੱਖ ਦਾ ਜੀਵਨ ਰੂਹਾਨੀਅਤ ਨਾਲ ਭਰਪੂਰ ਹੁੰਦਾ ਹੈ। ਉਹ ਨਾਮ ਦੇ ਰਸ ਦੀ ਦੌਲਤ ਨਾਲ ਭਰਪੂਰ ਪਵਿੱਤਰ ਵਿਅੱਕਤੀ ਹੀ ਦਾਤਾ ਹੈ, ਮੰਗਤਾ ਨਹੀਂ। ਜਿਵੇਂ ਰੱਬ ਆਪਣੇ ਅਨੰਤ ਖਜ਼ਾਨਿਆਂ ਵਿੱਚੋਂ ਸਭ ਨੂੰ ਦਾਤਾਂ ਵੰਡਦਾ ਹੈ, ਤਿਵੇਂ ਉਸ ਦੇ ਪਿਆਰੇ ਸੰਤ ਅਤੇ ਸਿੱਖ ਨਾਮ-ਅੰਮ੍ਰਿਤ ਵਰਗੀ ਦੁਰਲੱਭ ਵਸਤੂ ਸਭ ਨੂੰ ਵੰਡਦੇ ਹਨ, ਉਹ ਇਸ ਦਾ ਫ਼ਲ ਜਾਂ ਸ਼ੁਕਰਾਨਾ ਵੀ ਨਹੀਂ ਚਾਹੁੰਦੇ। ਰੱਬ ਦਾਤਾਂ ਵੰਡਣ ਤੋਂ ਕਦੇ ਅੱਕਦਾ, ਥੱਕਦਾ ਨਹੀਂ, ਇਸੇ ਤਰ੍ਹਾਂ ਉਸ ਦਾ ਸੱਚਾ ਸਿੱਖ ਰੱਬੀ ਮਿਹਰ ਦਾ ਸਰਬਕਾਲਿਕ ਦਾਤਾ ਹੁੰਦਾ ਹੈ।

ਇਕ ਸੱਚੇ ਸਿੱਖ ਦਾ ਧਾਰਮਿਕ ਸਰੂਪ-ਸਰੀਰਕ, ਮਾਨਸਕ ਅਤੇ ਆਤਮਕ ਸਰੂਪ ਇਕੋ ਜਿਹੇ ਹੁੰਦੇ ਹਨ। ਉਹ ਦਾਤਾਂ ਵੰਡਦਾ ਹੈ, ਮਿਹਰਾਂ ਕਰਦਾ ਹੈ ਅਤੇ ਰੂਹਾਨੀ ਜੋਤ ਨੂੰ ਜਗਾਉਂਦਾ ਹੈ। ਉਹ ਦਾਤਾ ਹੈ, ਉਹ ਪਦਾਰਥਕ, ਮਾਨਸਕ ਅਤੇ ਆਤਮਕ ਦਾਨ ਦਿੰਦਾ ਹੈ। ਉਹ ਦਿੰਦਾ ਹੀ ਹੈ, ਲੈਂਦਾ ਕੁਝ ਨਹੀਂ, ਉਹ ਕਿਸੇ ਨਾਸ਼ਵਾਨ ਅੱਗੇ ਹੱਥ ਨਹੀਂ ਫੈਲਾਉਂਦਾ, ਉਹ ਅਸਲ ਦਾਤਾ ਹੈ, ਕਿਉਂ ਜੋ ਉਹ ਆਪਣੇ ਆਪੇ ਦਾ ਦਾਨ ਕਰ ਰਿਹਾ ਹੁੰਦਾ ਹੈ। ਉਹ ਦਾਤਾਂ ਵੰਡਣ ਬਦਲੇ ਕੁਝ ਲੈਂਦਾ ਨਹਂੀਂ, ਉਹ ਅਸਲ ਦਾਨ ਕਰ ਰਿਹਾ ਹੈ ਕਿਉਂ ਜੋ ਉਹ ਇਸ ਧਰਤੀ ਤੇ ਆਇਆ ਹੀ ਦਾਨ ਕਰਨ ਵਾਸਤੇ ਹੈ। ਉਹ (ਮੋਈਆਂ) ਰੂਹਾਂ ਨੂੰ ਸਦਾ ਸਦਾ ਵਾਸਤੇ ਜੀਵਨ ਦਾਨ ਦੇ ਰਿਹਾ ਹੁੰਦਾ ਹੈ। ਉਹ ਦਾਤ ਦੇ ਯੋਗ ਨਾ ਹੋਣ ਵਾਲਿਆਂ ਤੋਂ ਵੀ ਦਾਤ ਖੋਂਹਦਾ ਨਹੀਂ। ਉਹ ਸਭ ਨੂੰ ਬਰਾਬਰ ਦਾਨ ਦਿੰਦਾ ਹੈ, ਉਹ ਆਤਮਕ ਦਾਨੀ ਹੈ।