ਗ੍ਰਹਿਸਥ ਮਾਰਗ

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਫੁਰਮਾਇਆ ਕਿ ਗ੍ਰਹਿਸਥੀ ਦੀ ਸੁੱਚੀ ਕਮਾਈ ਅੰਮ੍ਰਿਤ ਦੀ ਨਿਆਈਂ ਹੈ ਅਤੇ ਬਿਹੰਗਮਾਂ ਵਾਸਤੇ ਪੈਸਾ ਜ਼ਹਿਰ ਹੈ।

ਬਾਬਾ ਨੰਦ ਸਿੰਘ ਜੀ ਮਹਾਰਾਜ ਭਾਵੇਂ ਆਪ ਸਾਰੀ ਉਮਰ ਜਤੀ ਸਤੀ ਰਹੇ ਪ੍ਰੰਤੂ ਦੂਸਰਿਆਂ ਨੂੰ ਹਮੇਸ਼ਾ ਗ੍ਰਹਿਸਥ ਜੀਵਨ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। ਸੰਸਾਰ ਦੇ ਸਾਰੇ ਮਹਾਨ ਤਿਆਗੀਆਂ ਵਿੱਚ ਭਾਵੇਂ ਉਹ ਸ਼ਹਿਨਸ਼ਾਹ ਰਹੇ, ਉਨ੍ਹਾਂ ਨੇ ਹਮੇਸ਼ਾ ਦੂਸਰਿਆਂ ਨੂੰ ਸੱਚਾਈ, ਪਵਿੱਤਰਤਾ ਅਤੇ ਇਮਾਨਦਾਰੀ ਦੇ ਉਚ ਸਿਧਾਂਤਾਂ ਦਾ ਅਨੁਕਰਣ ਕਰਦੇ ਹੋਏ ਆਪਣੇ ਕੰਮਾਂ ਕਾਰਾਂ ਵਿੱਚ ਰਹਿਣ ਅਤੇ ਆਪਣੀ ਰੋਜ਼ੀ-ਰੋਟੀ ਕਮਾਉਣ ਦਾ ਉਪਦੇਸ਼ ਦਿੱਤਾ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਸਾਖੀ ਸੁਣਾਈ:

ਦਸਮੇਸ਼ ਪਿਤਾ ਜੀ ਦਾ ਦਰਬਾਰ ਸਜਿਆ ਹੋਇਆ ਹੈ। ਕੁਝ ਬਾਣ ਪ੍ਰਸਤਾਂ ਦੀ ਟੋਲੀ ਉੱਥੇ ਪਹੁੰਚੀ, ਬੜੇ ਸਤਿਕਾਰ ਨਾਲ ਉਨ੍ਹਾਂ ਨੂੰ ਬਿਠਾਇਆ ਗਿਆ। ਦੀਵਾਨ ਦੇ ਬਾਅਦ ਉਨ੍ਹਾਂ ਨੇ ਕਲਗੀਧਰ ਪਾਤਸ਼ਾਹ ਨੂੰ ਇਕ ਪ੍ਰਸ਼ਨ ਕੀਤਾ।

“ਕੀ ਗ੍ਰਹਿਸਥ ਆਸ਼ਰਮ ਵਿੱਚ ਵੀ ਮੁਕਤੀ ਮਿਲ ਸਕਦੀ ਹੈ ?”
ਅੱਗੋਂ ਸੱਚੇ ਪਾਤਸ਼ਾਹ ਨੇ ਫੁਰਮਾਇਆ ਕਿ ਤੁਸੀਂ ਹੁਣ ਸਾਰੇ ਗ੍ਰਹਿਸਥ ਆਸ਼ਰਮ ਤਿਆਗ ਕੇ ਬਾਣ ਪ੍ਰਸਤ ਆਸ਼ਰਮ ਵਿੱਚ ਹੋ, ਤੁਸੀਂ ਹੁਣ ਕੀ ਕੀ ਵਸਤੂਆਂ ਤਿਆਗ ਕੇ ਆਏ ਹੋ ? ਅੱਗੋਂ ਆਪ ਹੀ ਸੋਝੀ ਪਾਉਂਦੇ ਹੋਏ ਫੁਰਮਾਇਆ ਕੀ ਤੁਸੀਂ ਆਪਣੇ ਤਨ (ਸਰੀਰ) ਦੇ ਸਾਰੇ ਸੁੱਖ ਤਿਆਗ ਦਿੱਤੇ? ਤਾਂ ਉਨ੍ਹਾਂ ਉੱਤਰ ਦਿਤਾ “ਜੀ ਮਹਾਰਾਜ।” ਆਪਣਾ ਧਨ ਵੀ ਤਿਆਗ ਦਿੱਤਾ ? ਕਿਹਾ, “ਜੀ ਮਹਾਰਾਜ।” ਆਪਣੇ ਮਨ ਦੀਆਂ ਸੋਚਾਂ, ਆਸਰੇ ਤੇ ਸੁੱਖ ਤਿਆਗ ਦਿੱਤੇ? “ਹਾਂ ਗਰੀਬ ਨਿਵਾਜ, ਅਸੀਂ ਤਨ ਮਨ ਧਨ ਸਭ ਕੁਝ ਤਿਆਗ ਕੇ ਉਸ ਦੇ ਆਸਰੇ ਤੇ ਨਿਕਲ ਪਏ ਹਾਂ।”

ਸੱਚੇ ਪਾਤਸ਼ਾਹ ਨੇ ਉਨ੍ਹਾਂ ਨੂੰ ਕਿਹਾ ਕਿ ਰਾਤ ਇੱਥੇ ਆਰਾਮ ਕਰੋ ਅਤੇ ਬਾਕੀ ਗੱਲ ਕਲ੍ਹ ਕਰਾਂਗੇ।

ਅੰਮ੍ਰਿਤ ਵੇਲੇ ਹੀ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋ ਗਿਆ। ਪੂਰੇ ਸਿੱਖ ਮਾਈ ਭਾਈ ਸੰਗਤ ਇਲਾਹੀ ਕੀਰਤਨ ਵਿੱਚ ਜੁੜੀ ਬੈਠੀ ਹੈ। ਕਈ ਘੰਟਿਆਂ ਦੇ ਬਾਅਦ ਭੋਗ ਪਿਆ। ਚਾਰੇ ਪਾਸਿਉਂ ਸੰਗਤਾਂ ਆਪਣੇ ਘਰਾਂ ਤੋਂ ਪ੍ਰਸ਼ਾਦੇ ਸਿਰਾਂ ਤੇ ਚੁੱਕੀਂ ਲਿਆ ਰਹੀਆਂ ਸਨ। ਗੁਰੂ ਸਾਹਿਬ ਬਾਣ ਪ੍ਰਸਤਾਂ ਨੂੰ ਪੁੱਛਦੇ ਹਨ, “ਕੀ ਡਿੱਠਾ ?” ਅੱਗੋਂ ਉੱਤਰ ਮਿਲਿਆ, ਗਰੀਬ ਨਿਵਾਜ ਰੱਬੀ ਮਨੋਹਰ ਕੀਰਤਨ ਹੋ ਰਿਹਾ ਸੀ। ਸੰਗਤ ਸਾਰੀ ਕੀਰਤਨ ਵਿੱਚ ਜੁੜੀ ਬੈਠੀ ਸੀ। ਅੱਗੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫੁਰਮਾਇਆ ਕਿ ਇਹ ਤਾਂ ਸਾਰੇ ਹੀ ਆਪਣਾ ਮਨ ਗੁਰੂ ਨੂੰ ਅਰਪਣ ਕਰੀ ਬੈਠੇ ਹਨ। ਫਿਰ ਫੁਰਮਾਇਆ ਕਿ ਉਹ ਸਿੱਖਾਂ ਨੂੰ ਦੇਖ ਰਹੇ ਹੋ ਜੋ ਕਿ ਸੰਗਤਾਂ ਵਾਸਤੇ ਆਪਣੇ ਘਰਾਂ ^ਚਂੋ ਪ੍ਰਸ਼ਾਦੇ ਲਿਆ ਰਹੇ ਹਨ, ਇਹ ਆਪਣਾ ਧਨ ਵੀ ਗੁਰੂ ਨੂੰ ਅਰਪਣ ਕਰੀ ਬੈਠੇ ਹਨ।

ਫਿਰ ਅੱਗੇ ਫੁਰਮਾਇਆ, “ਜੋਗੀ ਜੀ ਕੁਝ ਦਿਨ ਹੋ ਗਏ ਹਨ ਇੱਥੇ ਇਕ ਭਾਰੀ ਯੁਧ ਹੋਇਆ ਸੀ। ਜਿਸ ਵਿੱਚ ਧਰਮ ਦੀ ਖ਼ਾਤਰ, ਸੱਚ ਦੀ ਖ਼ਾਤਰ, ਜੁਲਮ ਦਾ ਮੁਕਾਬਲਾ ਕਰਦੇ ਹੋਏ ਕਈ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ ਤੇ ਗੁਰੂ ਦੀ ਖ਼ਾਤਰ ਉਨ੍ਹਾਂ ਨੇ ਆਪਣਾ ਤਨ ਵੀ ਅਰਪਣ ਕਰ ਦਿੱਤਾ। ਆਪਣਾ ਸਭ ਕੁਝ (ਤਨ ਮਨ ਧਨ) ਅਰਪਣ ਕਰਦੇ ਹੋਏ ਹਰ ਵਕਤ ਸਾਡੇ ਹੁਕਮ ਦੀ ਉਡੀਕ ਵਿੱਚ ਰਹਿੰਦੇ ਹਨ।
ਫੁਰਮਾਇਆ, ਹੁਣ ਤੁਸੀਂ ਆਪਣੀ ਸੁਣਾਉ ਕਿ ਸਭ ਕੁਝ ਤਿਆਗ ਕੇ ਆਏ ਹੋ ਤੇ ਤੁਹਾਡੀ ਕੀ ਅਵਸਥਾ ਹੈ, ਤੁਸੀਂ ਇਹ ਚਿੱਪੀਆਂ ਨਾਲ ਰਖੀਆਂ ਹਨ ਇਨ੍ਹਾਂ ਵਿੱਚ ਕੀ ਹੈ? ਉਨ੍ਹਾਂ ਨੇ ਛੁਪਾਉਣ ਦੀ ਕੋਸ਼ਿਸ਼ ਕੀਤੀ ਪਰ ਸਿੱਖਾਂ ਨੇ ਤੇਜੀ ਨਾਲ ਉਹ ਫੜ੍ਹ ਕੇ ਗੁਰੂ ਸਾਹਿਬ ਦੇ ਸਾਹਮਣੇ ਲਿਆ ਰੱਖੀਆਂ।

ਉਨ੍ਹਾਂ ਚਿੱਪੀਆਂ ਦੀ ਲਾਖ ਪਿੰਘਲਾਈ ਗਈ ਤਾਂ ਉਨ੍ਹਾਂ ਵਿੱਚੋਂ ਦੀਨਾਰ (ਅਸ਼ਰਫੀਆਂ) ਨਿਕਲੀਆਂ। ਸੱਚੇ ਪਾਤਸ਼ਾਹ ਨੇ ਉਨ੍ਹਾਂ ਨੂੰ ਦੇਖਿਆ ਤੇ ਪੁੱਛਿਆ, “ਇਹ ਕਿਸ ਲਈ ਹਨ ?” ਉਨ੍ਹਾਂ ਦਾ ਗੁਰੂ ਬੋਲਿਆ, ਗਰੀਬ ਨਿਵਾਜ, ਜੇਕਰ ਕੋਈ ਭੈੜਾ ਵਕਤ ਆ ਜਾਏ ਤਾਂ ਉਸ ਵਕਤ ਵਾਸਤੇ ਰੱਖੀਆਂ ਹਨ। ਅੰਤਰਜਾਮੀ ਗੁਰੂ ਸਾਹਿਬ ਕਹਿਣ ਲੱਗੇ ਕਿ ਤੁਹਾਡੇ ਭਗਵੇਂ ਚੋਲੇ ਇੰਨੇ ਭਾਰੇ ਕਿਉਂ ਲਗਦੇ ਹਨ ? ਤਾਂ ਉਹ ਫਿਰ ਘਬਰਾਏ ਤੇ ਸਿੱਖਾਂ ਨੇ ਦੇਖਿਆ ਤਾਂ ਚੋਲਿਆਂ ਦੀਆਂ ਤਹਿਆਂ ਵਿੱਚ ਪੈਸੇ ਸੀਤੇ ਹੋਏ ਸਨ।

ਮੁਕਤੀ ਦੇ ਦਾਤੇ, ਬ੍ਰਹਮਗਿਆਨ ਦੇ ਪ੍ਰਕਾਸ਼, ਅਗਿਆਨ ਦੇ ਹਰਤਾ, ਦਸਵੇਂ ਗੁਰੂ ਨਾਨਕ ਜੀ ਨੇ ਫਿਰ ਆਪਣੇ ਮੁਬਾਰਿਕ ਮੁਖਾਰਬਿੰਦ ਤੋਂ ਇਸ ਤਰ੍ਹਾਂ ਅੰਮ੍ਰਿਤ ਦੀ (ਗਿਆਨ ਦੀ) ਵਰਖਾ ਕੀਤੀ :

“ਜਿੱਥੇ ਇਹ ਗ੍ਰਹਿਸਥੀ ਸਿੱਖ ਆਪਣਾ ਤਨ, ਮਨ, ਧਨ ਸਭ ਕੁਝ ਅਰਪਿਤ ਕਰਕੇ ਹੁਕਮ ਵਿੱਚ ਸਾਵਧਾਨ ਖੜ੍ਹੇ ਹਨ। ਤੁਸੀਂ ਬਾਣ ਪ੍ਰਸਤ ਹੁੰਦੇ ਹੋਏ ਵੀ ਕੁਝ ਨਹੀਂ ਛੱਡਿਆ ਅਤੇ ਤਿਆਗਿਆ, ਨਾ ਹੀ ਸੇਵਕਾਂ ਨੇ ਆਪਣੇ ਗੁਰੂ ਅੱਗੇ ਇਹ ਤਿੰਨ ਚੀਜ਼ਾਂ ਅਰਪਨ ਕੀਤੀਆਂ ਹਨ ਅਤੇ ਨਾ ਹੀ ਗੁਰੂ ਨੇ ਪਾਰਬ੍ਰਹਮ ਪਰਮੇਸਰ ਅੱਗੇ ਇਹ ਤਿੰਨ ਚੀਜ਼ਾਂ ਅਰਪਿਤ ਕੀਤੀਆਂ ਹਨ।”

ਗੁਰੂ ਨੂੰ ਮੁਖਾਤਿਬ ਕਰਦੇ ਹੋਏ ਿਰ ਫੁਰਮਾਇਆ ਕਿ,

“ਤੇਰੇ ਸੇਵਕਾਂ ਨੂੰ ਤੇਰੇ ਤੇ ਕੋਈ ਭਰੋਸਾ ਨਹੀਂ ਤੇ ਤੈਨੂੰ ਪਾਰਬ੍ਰਹਮ ਪਰਮੇਸਰ ਤੇ ਕੋਈ ਭਰੋਸਾ ਨਹੀਂ।” ਦਸਮੇਸ਼ ਪਿਤਾ ਿਰ ਉਨ੍ਹਾਂ ਨੂੰ ਪੁੱਛਦੇ ਹਨ, “ਫ਼ਿਰ ਸਨਿਆਸੀ ਕੌਣ ਹੋਇਆ ?”

ਇਹ ਗ੍ਰਹਿਸਥੀ ਅਸਲ ਵਿੱਚ ਸਨਿਆਸੀ ਹਨ।

ਬਾਬਾ ਨਰਿੰਦਰ ਸਿੰਘ ਜੀ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੀ ਇਹ ਸਾਖੀ ਸੁਣਾਉਂਦੇ ਹੋਏ ਅੱਗੇ ਫੁਰਮਾਇਆ ਕਿ,

“ਐਸੇ ਮਹਾਨ ਗੁਰੂ ਦੇ, ਐਸੇ ਪਿਆਰੇ ਸਿੱਖਾਂ ਦੇ ਚਰਨਾਂ ਵਿੱਚ ਮੁਕਤੀ ਰੁਲਦੀ ਫਿਰਦੀ ਹੈ।”

ਭਾਈ ਰਤਨ ਸਿੰਘ ਹੋਰਾਂ ਨੇ ਇਕ ਦਿਨ ਦਸਿਆ ਕਿ ਬਾਬਿਆਂ ਦੀ ਸੇਵਾ ਕਰਦੇ ਕਰਦੇ ਮੇਰੇ ਅਤੇ ਨੱਥਾ ਸਿੰਘ ਦੇ ਦਿਲ ਵਿੱਚ ਖ਼ਿਆਲ ਆਇਆ ਕਿ ਬਾਬਿਆਂ ਦੀ ਸੇਵਾ ਹੀ ਕਰੀਏ, ਵਿਆਹ ਕਰਾ ਕੇ ਜੰਜਾਲ ਵਿੱਚ ਕਿਉਂ ਪੈਣਾ ਹੈ। ਅੰਤਰਜਾਮੀ ਬਾਬਾ ਜੀ ਦੇ ਪਾਸ ਅਸੀਂ ਦੋਨੋਂ ਹੀ ਖੜ੍ਹੇ ਸੀ, ਉਨ੍ਹਾਂ ਇਸ ਤਰ੍ਹਾਂ ਫੁਰਮਾਇਆ :

“ਅਸੀਂ ਤੁਹਾਨੂੰ ਬਿਹਗੰਮ ਨਹੀਂ ਬਣਾਉਣਾ ਕਿਉਂਕਿ ਗ੍ਰਹਿਸਥ ਮਾਰਗ ਪ੍ਰਧਾਨ ਹੈ। ਸ਼ਾਦੀ ਕਰਨੀ ਹੈ, ਸ਼ਾਦੀ ਕਰਕੇ ਸੇਵਾ ਨਹੀਂ ਛੱਡਣੀ ਤੇ ਉੱਚਾ ਤੇ ਸੁੱਚਾ ਜੀਵਨ ਬਤੀਤ ਕਰਨਾ ਹੈ। ਗ੍ਰਹਿਸਥ ਜੀਵਨ ਦੇ ਵਿੱਚ ਵੀ ਤਿਆਗ ਅਤੇ ਕੁਰਬਾਨੀ ਦੇ ਮੌਕੇ ਆਉਂਦੇ ਹਨ ਐਸੇ ਮੌਕਿਆਂ ਤੇ ਗੁਰੂ ਸਾਹਿਬਾਨ ਦੇ ਪੂਰਨਿਆਂ ਨੂੰ ਯਾਦ ਰੱਖੋ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਐਸਾ ਮੌਕਾ ਬਣਨ ਤੇ ਆਪਣਾ ਸਾਰਾ ਸਰਬੰਸ ਹੀ ਵਾਰ ਦਿੱਤਾ।”
ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਫੁਰਮਾਇਆ ਕਿ ਗ੍ਰਹਿਸਥੀ ਦੀ ਸੁੱਚੀ ਕਮਾਈ ਅੰਮ੍ਰਿਤ ਦੀ ਨਿਆਈਂ ਹੈ ਅਤੇ ਬਿਹੰਗਮਾਂ ਵਾਸਤੇ ਪੈਸਾ ਜ਼ਹਿਰ ਹੈ।