ਪ੍ਰਕ੍ਰਿਤੀ ਦਾ ਬਾਬਾ ਜੀ ਨੂੰ ਨਮਸਕਾਰ ਕਰਨਾ

ਇਕ ਵਾਰ ਹਜ਼ੂਰ ਬਾਬਾ ਹਰਨਾਮ ਸਿੰਘ ਜੀ ਸੀਰੀਵਾਲਾ ਪਿੰਡ ਦੇ ਉੱਤਰ ਵੱਲ ਕੁਝ ਦੂਰੀ ਤੇ ਇਕ ਬ੍ਰਿਛ ਹੇਠਾਂ ਬੰਦਗੀ ਵਿੱਚ ਲੀਨ ਸਨ । ਉਹ ਆਪਣਾ ਚਿਹਰਾ ਢੱਕ ਕੇ ਰੱਖਿਆ ਕਰਦੇ ਸਨ । ਇਕ ਦਿਨ ਕੁਝ ਮੁੰਡੇ ਉਨ੍ਹਾਂ ਦੇ ਨਜ਼ਦੀਕ ਆ ਕੇ ਬੈਠ ਗਏ । ਉਨ੍ਹਾਂ ਨੇ ਬਾਬਾ ਜੀ ਨੂੰ ਆਪਣਾ ਚਿਹਰਾ ਨੰਗਾ ਕਰਨ ਲਈ ਬੇਨਤੀ ਕੀਤੀ । ਉਨ੍ਹਾਂ ਤੋਂ ਚਿਹਰਾ ਕੱਜਣ ਦਾ ਕਾਰਨ ਵੀ ਪੁੱਛਣਾ ਚਾਹਿਆ । ਮੁੰਡਿਆਂ ਦੇ ਜ਼ਿੱਦ ਕਰਨ ਤੇ ਬਾਬਾ ਜੀ ਨੇ ਬੜੀ ਹਲੀਮੀ ਨਾਲ ਕਿਹਾ ਕਿ ਅਜੇ ਚਿਹਰਾ ਨੰਗਾ ਕਰਨ ਦਾ ਸਮਾ ਨਹੀਂ ਹੈ ਕਿਉਂ ਜੋ ਜਿੱਥੇ ਉਨ੍ਹਾਂ ਦੀ ਨਜ਼ਰ ਪਵੇਗੀ ਉੱਥੇ ਹਰ ਸੁੱਕੀ ਚੀਜ਼ ਨੂੰ ਅਗਨੀ ਪੈ ਜਾਵੇਗੀ । ਬਾਬਾ ਜੀ ਦੇ ਬਚਨਾਂ ਦੀ ਸਾਰਥਕਤਾ ਨੂੰ ਨਾ ਸਮਝਦੇ ਹੋਏ, ਮੁੰਡਿਆਂ ਨੇ ਬਾਬਾ ਜੀ ਦੇ ਚਿਹਰੇ ਤੋਂ ਆਪ ਹੀ ਕੱਪੜਾ ਲਾਹ ਦਿੱਤਾ । ਅਜਿਹਾ ਕਰਨ ਦੀ ਦੇਰ ਸੀ ਕਿ ਸਾਰੇ ਪਿੰਡ ਨੂੰ ਅਤੇ ਪੱਕੀਆਂ ਹੋਈਆਂ ਫਸਲਾਂ ਨੂੰ ਯਕ ਦਮ ਅਗਨੀ ਪੈ ਗਈ । ਉਹ ਮੁੰਡੇ ਭੈ-ਭੀਤ ਹੋ ਕੇ ਏਧਰ-ਓਧਰ ਵਾਹੋ-ਦਾਹੀ ਭੱਜ ਪਏ । ਪਿੰਡ ਦੇ ਲੋਕਾਂ ਨੂੰ ਵੀ ਇਸ ਭਿਆਨਕ ਅਗਨੀ ਲੱਗਣ ਦੇ ਕਾਰਨ ਦਾ ਪਤਾ ਨਾ ਲੱਗਾ। ਜਦੋਂ ਬੁਧ-ਭ੍ਰਿਸ਼ਟੇ ਮੁੰਡਿਆਂ ਨੇ ਇਹ ਸਾਰੀ ਗੱਲ ਵਡੇ-ਵਡੇਰਿਆਂ ਨੂੰ ਦੱਸੀ ਤਾਂ ਉਹ ਭੱਜ ਕੇ ਬਾਬਾ ਜੀ ਪਾਸ ਆਏ । ਉਹ ਬਾਬਾ ਜੀ ਦੇ ਪਵਿੱਤਰ ਚਰਨਾਂ ਤੇ ਡੰਡੌਤ ਬੰਦਨਾ ਕਰਕੇ ਭੁੱਲ ਬਖਸ਼ਾਉਂਣ ਲਗੇ । ਤਰਸਵਾਨ ਹਿਰਦੇ ਦੇ ਮਾਲਕ ਬਾਬਾ ਜੀ ਨੇ ਆਕਾਸ਼ ਵਲ ਨਜ਼ਰਾਂ ਘੁਮਾਈਆਂ, ਉਸੇ ਵਕਤ ਆਕਾਸ਼ ਵਿੱਚ ਬਿਜਲੀ ਚਮਕਣ, ਡਰਾਉਂਣੀ ਆਵਾਜ਼ ਅਤੇ ਗੜਗੜਾਹਟ ਪੈਦਾ ਹੋਈ ਤੇ ਮ੍ਹੋਲੇਧਾਰ ਮੀਂਹ ਪੈਣ ਲੱਗ ਪਿਆ । ਲੋਕ ਆਪਣੇ ਮਾਲ-ਅਸਬਾਬ ਨੂੰ ਬਚਾਉਂਣ ਲਈ ਪਿੰਡ ਵੱਲ ਦੌੜ ਪਏ । ਜਦੋਂ ਆਸਮਾਨ ਵਿੱਚ ਨਿੰਬਲ ਹੋ ਗਿਆ ਤਾਂ ਪਿੰਡ ਦੇ ਲੋਕ ਬਾਬਾ ਜੀ ਦਾ ਸ਼ੁਕਰਾਨਾ ਕਰਨ ਲਈ ਉਸੇ ਥਾਂ ਫਿਰ ਆ ਗਏ ਜਿੱਥੇ ਬਾਬਾ ਜੀ ਬੰਦਗੀ ਵਿੱਚ ਜੁੜੇ ਬੈਠੈ ਸਨ । ਹੁਣ ਉੱਥੇ ਉਜਾੜ ਸੀ, ਬਾਬਾ ਜੀ ਉੱਥੇ ਨਹੀਂ ਸਨ, ਉਹ ਉੱਥੋਂ ਜਾ ਚੁੱਕੇ ਸਨ । ਬਹੁਤ ਸਾਲਾਂ ਬਾਅਦ ਉਸ ਪਿੰਡ ਦਾ ਇਕ ਆਦਮੀ ਭੁੱਚੋਂ ਆਇਆ ਅਤੇ ਉਸ ਨੇ ਬਾਬਾ ਜੀ ਨੂੰ ਪਛਾਣ ਲਿਆ ਸੀ । ਬਾਬਾ ਜੀ ਦੇ ਮੁਬਾਰਕ ਚਿਹਰੇ ਤੇ ਰੱਬੀ ਨੂਰ ਚਮਕ ਰਿਹਾ ਸੀ ਇੰਦਰ ਦੇਵਤਾ ਅਤੇ ਅਗਨੀ ਦੇਵਤਾ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਦਾਸ ਸਨ । ਭੁੱਚੋਂ ਕਲਾਂ ਦੇ ਇਸ ਮਹਾਨ ਦਰਵੇਸ਼ ਵਿੱਚ ਇਸ ਕਦਰ ਰੱਬੀ-ਸ਼ਕਤੀ ਮੌਜੂਦ ਸੀ ।