ਤਿਆਗ

Humbly request you to share with all you know on the planet!

ਇਕ ਵਾਰ ਦੀ ਗੱਲ ਹੈ ਕਿ ਇਕ ਮਹਾਤਮਾ ਜੀ (ਰਿਸ਼ੀ) ਬਾਬਾ ਜੀ ਪਾਸ ਆਏ। ਇਹ ਪੂਰਨਮਾਸ਼ੀ ਦਾ ਦਿਨ ਸੀ।

ਉਹ ਮਹਾਤਮਾ ਜੀ ਜੰਗਲ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦੇ ਮਹਾਨ ਦਰਬਾਰ ਨੂੰ ਵੇਖ ਕੇ ਹੱਕੇ ਬੱਕੇ ਰਹਿ ਗਏ। ਸੰਗਤਾਂ, ਅੰਤਰ-ਮੁਗਧ ਹੋ ਕੇ ਬਾਬਾ ਜੀ ਦੀ ਹਜ਼ੂਰੀ ਵਿੱਚ ਵਰਸਦੀ ਰੂਹਾਨੀ ਫ਼ੁਹਾਰ ਵਿੱਚ ਇਸ਼ਨਾਨ ਕਰ ਰਹੀਆਂ ਸਨ। ਇਸ ਮਹਾਤਮਾ ਜੀ ਨੇ ਬਾਬਾ ਜੀ ਦਾ ਜੱਸ ਪਹਿਲਾਂ ਵੀ ਸੁਣਿਆ ਹੋਇਆ ਸੀ। ਸ੍ਰੀ ਗੁਰੂ ਨਾਨਕ ਸਾਹਿਬ ਦੇ ਮਹਾਨ ਦਰਬਾਰ ਦੀ ਆਲੌਕਿਕਤਾ ਅਤੇ ਇਲਾਹੀ ਸ਼ਾਨ ਨੂੰ ਵੇਖ ਕੇ ਹੈਰਾਨ ਹੋਏ ਮਹਾਤਮਾ ਜੀ ਨੇ ਬਾਬਾ ਜੀ ਤੋਂ ਪੁੱਛ ਹੀ ਲਿਆ ਕਿ ਸੱਚਾ ਤਿਆਗ ਕੀ ਹੈ ? ਬਾਬਾ ਜੀ ਨੇ ਉੋਸਦਾ ਪ੍ਰਸ਼ਨ ਸੁਣਿਆ ਪਰ ਚੁੱਪ ਹੀ ਰਹੇ। ਸਾਰੇ ਵਾਤਾਵਰਣ ਵਿੱਚ ਨਿਰਾਲਾ ਰੰਗ ਛਾ ਰਿਹਾ ਸੀ, ਗੁਰਬਾਣੀ ਦੇ ਪਵਿੱਤਰ ਸ਼ਬਦਾਂ ਦਾ ਕੀਰਤਨ ਹੋ ਰਿਹਾ ਸੀ, ਦੀਵਾਨ ਦੀ ਸਮਾਪਤੀ ਹੋ ਗਈ। ਬਾਬਾ ਜੀ ਨਿੱਤ ਵਾਂਗ ਆਪਣੇ ਨਿਮਰ ਸੁਭਾਅ ਅਨੁਸਾਰ ਹੱਥ ਜੋੜ ਕੇ ਸੰਗਤ ਵਿੱਚੋਂ ਚਲੇ ਗਏ ਤੇ ਮੁੜ ਉਸ ਜਗ੍ਹਾ ਤੇ ਵਾਪਸ ਨਾ ਆਏ। ਬਾਬਾ ਜੀ ਦੇ ਜਾਣ ਤੋਂ ਕੁਝ ਦੇਰ ਬਾਅਦ ਹੀ ਇਹ ਪਤਾ ਲਗਾ ਕਿ ਉਹ ਕਿਧਰੇ ਚਲੇ ਗਏ ਹਨ। ਉਹ ਸਾਰਾ ਕੁਝ ਤਿਵੇਂ ਹੀ ਛੱਡ ਦੇ ਚਲੇ ਗਏ, ਜਿਵੇਂ ਉੱਠੇ ਸਨ। ਬਾਬਾ ਜੀ ਦੇ ਪਹਿਲਾਂ ਹੀ ਕੀਤੇ ਆਦੇਸ਼ ਅਨੁਸਾਰ ਅਗਲੀ ਸਵੇਰ ਉਹ ਕੱਚੀ ਰਿਹਾਇਸ਼ ਢਾਹ ਦਿੱਤੀ ਗਈ ਤੇ ਸਭ ਕੁਝ ਅਗਨੀ ਭੇਟ (ਨਜ਼ਰੇ ਆਤਿਸ਼) ਕਰ ਦਿੱਤਾ ਗਿਆ। ਹੁਣ ਪਹਿਲੀ ਰਾਤ ਵਰਗੀ ਸ਼ਾਨੋ-ਸ਼ੌਕਤ ਦਾ ਕੋਈ ਨਾ ਥੇਹ ਵੀ ਨਹੀਂ ਸੀ। ਮਹਾਤਮਾ ਜੀ ਨੂੰ “ਤਿਆਗ” ਦੀ ਸਮਝ ਆ ਗਈ, ਉਹ ਜ਼ਾਰੋ ਜ਼ਾਰ ਰੋਣ ਲੱਗ ਪਏ। ਉਸ ਨੇ ਬਾਬਾ ਜੀ ਦੇ ਸ਼ਰਧਾਲੂਆਂ ਪਾਸ ਪ੍ਰਸ਼ਨ ਕਰਨ ਅਤੇ ਉਸ ਦਾ ਉੱਤਰ ਮਿਲ ਜਾਣ ਦਾ ਬਹੁਤ ਪਛਤਾਵਾ ਕੀਤਾ ਅਤੇ ਸੰਗਤਾਂ ਤੋਂ ਇਸਦੀ ਮੁਆਫ਼ੀ ਮੰਗੀ। ਬਹੁਤ ਮਹੀਨਿਆਂ ਬਾਅਦ ਬਾਬਾ ਜੀ ਨੂੰ ਹੜੱਪੇ ਦੇ ਜੰਗਲਾਂ ਵਿੱਚ ਡੂੰਘੀ ਤਪੱਸਿਆ ਕਰਦਿਆਂ ਵੇਖਿਆ ਗਿਆ ਸੀ।

ਬਾਬਾ ਜੀ ਨੇ “ਤਿਆਗ” ਸਮੇਤ ਸਭ ਕੁਝ ਦਾ ਤਿਆਗ ਕੀਤਾ ਹੋਇਆ ਸੀ। ਉਨ੍ਹਾਂ ਨੇ ਕੋਈ ਸੰਸਾਰਕ ਧਨ-ਦੌਲਤ ਨਹੀਂ ਬਣਾਈ ਸੀ। ਉਨ੍ਹਾਂ ਨੇ ਸੰਸਾਰ ਤੇ ਕਦੀ ਟੇਕ ਨਹੀਂ ਰੱਖੀ ਸੀ। ਉਨ੍ਹਾਂ ਦਾ ਤਿਆਗ ਨਿਰਾਲਾ ਹੀ ਸੀ। ਉਨ੍ਹਾਂ ਦਾ ਸਭ ਕੁਝ ਸ੍ਰੀ ਗੁਰੂ ਨਾਨਕ ਸਾਹਿਬ ਹੀ ਸੀ। ਉਨ੍ਹਾਂ ਲੱਂਖਾਂ ਹੀ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦਾ ਅੰਮ੍ਰਿਤ ਪ੍ਰੇਮ ਅਤੇ ਭਰੋਸਾ ਦਾਨ ਬਖਸ਼ਿਆ ਸੀ।

ਉਨ੍ਹਾਂ ਨੇ ਆਪਣੇ ਹਿਰਦੇ ਰੂਪੀ ਮੰਦਿਰ ਵਿੱਚ ਕੇਵਲ ਤੇ ਕੇਵਲ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਬਿਰਾਜਮਾਨ ਕਰਨ ਲਈ ਕਾਮਨੀ, ਕੰਚਨ, ਲੋਭ, ਮੋਹ, ਸੁੱਖ, ਧਨ-ਦੌਲਤ, ਪ੍ਰਸਿੱਧੀ, ਅਤੇ ਹੰਕਾਰ ਆਦਿ ਦੀ ਮਾਇਆ ਦਾ ਤਿਆਗ ਕੀਤਾ ਹੋਇਆ ਸੀ।

ਉਨ੍ਹਾਂ ਨੇ ਆਪਣੇ ਪਾਸ ਤਾਂ ਕੀ ਰੱਖਣਾ ਸੀ - ਰੁਪਏ ਅਤੇ ਸੋਨੇ ਨੂੰ, ਕਦੀ ਹੱਥ ਵੀ ਨਹੀਂ ਲਾਇਆ ਸੀ ਤੇ ਨਾ ਹੀ ਉਨ੍ਹਾਂ ਨੇ ਠਾਠ ਵਿੱਚ ਰਹਿਣ ਵਾਲੇ ਸੇਵਕਾਂ (ਬਹਿੰਗਮਾਂ) ਨੂੰ ਕਦੇ ਕੋਲ ਰੱਖਣ ਦੀ ਆਗਿਆ ਹੀ ਦਿੱਤੀ ਸੀ।

“ਇਕ ਸੱਚੇ ਅਤੇ ਪੂਰਨ ਸੰਤ ਦੇ ਦੋ ਆਤਮਕ ਨੇਤਰ ਹੁੰਦੇ ਹਨ - ਪਹਿਲਾ ਪੂਰਨ ਤਿਆਗ ਦਾ ਅਤੇ ਦੂਜਾ ਪ੍ਰਭੂ ਦਰਸ਼ਨਾਂ ਦੇ ਪੂਰਨ ਵੈਰਾਗ ਦਾ ਹੁੰਦਾ ਹੈ।
ਬਾਬਾ ਹਰਨਾਮ ਸਿੰਘ ਜੀ ਮਹਾਰਾਜ (ਭੁੱਚੋਂ ਕਲਾਂ ਵਾਲੇ)