ਖ਼ੁਦਾਈ ਤੇ ਸਫ਼ਾਈ ਦਾ ਮੇਲ (-ਬਾਬਾ ਨੰਦ ਸਿੰਘ ਜੀ ਮਹਾਰਾਜ)

ਪਰਮਾਤਮਾ ਦੀ ਪਵਿੱਤਰ ਸੇਵਾ, ਪੂਜਾ ਪ੍ਰਸ਼ੰਸਾ ਵਿੱਚ ਵਰਤੀ ਜਾਣ ਵਾਲੀ ਹਰ ਵਸਤੂ ਦੀ ਪਵਿੱਤਰਤਾ ਅਤੇ ਸ਼ੁਧਤਾ ਅਤਿ ਜ਼ਰੂਰੀ ਹੈ।

ਸਰੀਰ ਅਤੇ ਨਿੱਜੀ ਕਪੜਿਆਂ ਦੀ, ਸਾਰੀਆਂ ਭੇਟ ਕੀਤੀਆਂ ਚੀਜ਼ਾਂ ਦੀ ਪੂਜਾ ਵਸਤੂਆਂ ਦੀ ਅਤੇ ਪੂਜਾ ਦੇ ਅਸਥਾਨ ਦੀ ਸਵੱਛਤਾ ਅਤੇ ਸ਼ੁਧਤਾ ਜ਼ਰੂਰੀ ਹੈ। ਇਸ ਤਰ੍ਹਾਂ ਹਰ ਵਸਤੂ ਪਵਿੱਤਰ ਕੀਤੀ ਜਾ ਸਕਦੀ ਹੈ।

ਆਪਣੇ ਪਲੀਤ ਸ਼ਰੀਰ ਅਤੇ ਮਨ ਤੋਂ ਅਸੀਂ ਕਿੰਨਾਂ ਘ੍ਰਿਣਿਤ ਮਹਿਸੂਸ ਕਰਦੇ ਹਾਂ। ਅਤਿ ਪਵਿੱਤਰ ਪਰਮਾਤਮਾ ਦੀ ਪਲੀਤ ਸੇਵਾ, ਮੰਦਾ ਚੜ੍ਹਾਵਾ ਅਤੇ ਦੂਸ਼ਿਤ ਪੂਜਾ ਕਰਦਿਆਂ ਕਰਦਿਆਂ ਕਿੰਨਾਂ ਦੁਖੀ ਮਹਿਸੂਸ ਕਰਾਂਗੇ।

ਪਰਮਾਤਮਾ ਨੇ ਸਾਨੂੰ ਬੇਅੰਤ ਪਦਾਰਥ ਦਿੱਤੇ ਹਨ। ਪਰਮਾਤਮਾ ਨੂੰ ਭੇਟ ਕੀਤੀ ਹੋਈ ਹਰ ਵਸਤੂ ਸਾਡੀ ਨਹੀਂ ਸਗੋਂ ਉਸ ਪਰਮਾਤਮਾ ਦੀ ਹੀ ਹੈ। ਇਸ ਲਈ ਕਿਸੇ ਚੀਜ਼ ਉੱਤੇ ਸਾਡਾ ਆਪਣਾ ਅਧਿਕਾਰ ਨਹੀਂ ਹੈ ਅਤੇ ਅਸੀਂ ਫਿਰ ਕਿਹੜੀ ਵਸਤੂ ਉਸਨੂੰ ਅਰਪਣ ਕਰ ਸਕਦੇ ਹਾਂ। ਬਹੁ ਗਿਣਤੀ ਵਿੱਚ ਜੋ ਵਸਤੂਆਂ ਉਸ ਪਰਮਾਤਮਾ ਨੇ ਸਾਨੂੰ ਦਿੱਤੀਆਂ ਹਨ ਉਨ੍ਹਾਂ ਲਈ ਉਸਦੀ ਆਪਣੀ ਕੋਈ ਵੀ ਤ੍ਰਿਸ਼ਨਾ ਨਹੀਂ ਹੈ।

ਪ੍ਰਭੂ ਦੇ ਮਨ ਵਿੱਚ ਇਕ ਦੁਰਲਭ ਵਸਤੂ ਪ੍ਰਤੀ ਮੋਹ ਵੀ ਹੈ ਅਤੇ ਉਹ ਹੈ “ਰੱਬੀ ਪ੍ਰੇਮ”। ਸਾਨੂੰ ਲੋੜ ਹੈ ਪ੍ਰੇਮ ਪੂਰਵਕ ਸੇਵਾ ਦੀ, ਪ੍ਰੇਮ ਪੂਰਵਕ ਪੂਜਾ ਦੀ ਅਤੇ ਪ੍ਰੇਮ ਪੂਰਵਕ ਅਰਚਨਾ ਦੀ। ਇਹ ਸਭ ਕੁਝ ਸਵਾਰਥ ਪੂਰਵਕ ਇੱਛਾ ਤੇ ਉਦੇਸ਼ ਤੋਂ ਮੁਕਤ ਹੋਵੇ ਤਾਂ ਹੀ ਪ੍ਰੇਮ ਦਾ ਸਵਾਦ ਹੈ। ਸਾਡੇ ਨਾਲੋਂ ਕਿਧਰੇ ਜ਼ਿਆਦਾ ਸਤਿਗੁਰੂ ਸਾਡਾ ਦ੍ਰਿੜ੍ਹ, ਪਵਿੱਤਰ ਅਤੇ ਨਿਰਸਵਾਰਥ ਪ੍ਰੇਮ ਚਾਹੁੰਦੇ ਹਨ।

“ਮੈਂ” ਅਤੇ “ਮੇਰੇ ਪਨ” ਤੋਂ ਮੁਕਤ ਹੋ ਕੇ ਅਜਿਹੇ ਤਿਆਗ ਨਾਲ ਗੁਰੂ ਸਾਡਾ ਅਤੇ ਅਸੀਂ ਗੁਰੂ ਦੇ ਹੋ ਜਾਂਦੇ ਹਾਂ।

ਸਭ ਕੁਝ ਰੱਬ ਦੇ ਵਸ ਹੈ ਪਰ ਰੱਬ ਪ੍ਰੇਮ ਦੇ ਵਸ ਹੈ।

ਪਰਮਾਤਮਾ ਹੀ ਸਾਡਾ ਦਾਤਾ ਹੈ। ਉਹ ਸਾਰੇ ਜੀਵਾਂ ਨੂੰ ਆਹਾਰ ਦਿੰਦਾ ਹੈ ਪਰੰਤੂ ਉਸਦਾ ਆਪਣਾ ਆਹਾਰ ਪਿਆਰ ਹੈ। ਭਗਵਾਨ ਰਾਮ ਸ਼ਰਧਾਲੂ ਭੀਲਣੀ ਦੇ ਜੂਠੇ ਬੇਰਾਂ ਦਾ ਸੁਆਦ ਮਾਣਦੇ ਹਨ। ਭਗਵਾਨ ਕ੍ਰਿਸ਼ਨ ਗਰੀਬ ਬਿਦਰ ਦੀ ਝੁੱਗੀ ਵਿੱਚ ਅਲੂਣੇ ਸਾਗ ਦਾ ਆਨੰਦ ਮਾਣਦੇ ਹਨ ਅਤੇ ਦੁਰਯੋਧਨ ਦੇ ਮਹੱਲ ਦੇ ਵਧੀਆ ਭੋਜਨ ਦੀ ਪਰਵਾਹ ਨਹੀਂ ਕਰਦੇ। ਸ੍ਰੀ ਗੁਰੂ ਨਾਨਕ ਸਾਹਿਬ ਜੀ ਮਲਕ ਭਾਗੋ ਦੇ ਸ਼ਾਹੀ ਭੋਜਨ ਨੂੰ ਤਿਆਗ ਕੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਬੜੇ ਹੀ ਪ੍ਰੇਮ ਨਾਲ ਛਕਦੇ ਹਨ। ਉਸਨੂੰ ਪਦਾਰਥਾਂ ਦੀ ਭੁੱਖ ਨਹੀਂ। ਉਹ ਸੱਚ ਮੁਚ ਹੀ ਪ੍ਰੇਮ ਤੇ ਸਿਰੋ ਪ੍ਰੇਮ ਦਾ ਭੁੱਖਾ ਹੈ।

ਪ੍ਰਭੂ ਸਤਿਗੁਰੂ ਜੋ ਕਿ ਪਵਿੱਤਰਤਾ ਦੇ ਸਾਗਰ ਹਨ ਅਤੇ ਅਤਿ ਪਵਿੱਤਰ ਹਨ, ਉਨ੍ਹਾਂ ਲਈ ਇਕ ਅਸ਼ੁੱਧ ਅਤੇ ਮਲੀਨਤਾ ਭਰਪੂਰ ਮਨ, ਨਾ ਪ੍ਰਸ਼ਾਦ ਤਿਆਰ ਕਰ ਸਕਦਾ ਹੈ ਅਤੇ ਨਾ ਹੀ ਭੇਟ ਕਰ ਸਕਦਾ ਹੈ।