ਜੋਤ ਰੂਪ ਹਰਿ ਸ੍ਰੀ ਗੁਰੂ ਨਾਨਕ ਸਾਹਿਬ

Humbly request you to share with all you know on the planet!

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ

ਸੰਨ 1469 ਈ: ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ ਮਨੁੱਖੀ ਜਾਮੇ ਵਿੱਚ ਪ੍ਰਗਟ ਹੋਈ ਨਿਰੰਕਾਰ ਜੋਤ ਨੇ 1708 ਈ: ਤੱਕ, 239 ਸਾਲ ਇਸ ਧਰਤੀ ਤੇ ਚਾਨਣ ਕੀਤਾ। ਇਸ ਇਲਾਹੀ ਜੋਤ ਨੇ ਲੋਕਾਈ ਵਿੱਚ ਲਗਾਤਾਰ ਮਨੁੱਖੀ ਜਾਮੇਂ ਵਿੱਚ ਵਿੱਚਰ ਕੇ ਮਨੁੱਖਤਾ ਦਾ ਮਾਰਗ ਰੋਸ਼ਨ ਕੀਤਾ। ਉਨ੍ਹਾਂ ਨੇ ਇਕ ਤੀਸਰ ਪੰਥ, ਇਕ ਨਵੇਂ ਧਰਮ, ਮੁਢ-ਕਦੀਮੀ ਪਵਿੱਤਰਤਾ ਨੂੰ ਆਪਣੇ ਰੂਪ ਅਤੇ ਇਲਾਹੀ ਸ਼ਾਨ ਨਾਲ ਹੋਂਦ ਵਿੱਚ ਲਿਆਂਦਾ। ਮਹਾਨ ਗੁਰੂਆਂ ਨੇ ਰੂਹਾਨੀ ਵਡਿਆਈ ਦੀਆਂ ਬੇਮਿਸਾਲ ਉਦਾਹਰਣਾਂ ਨਾਲ ਨਵਾਂ ਇਤਿਹਾਸ ਸਿਰਜਿਆ। ਇਸ ਪਵਿੱਤਰ ਜੋਤ ਨੇ ਪਾਪੀ ਅਤੇ ਬੀਮਾਰ ਮਨੁੱਖਤਾ ਦੀ ਕਾਇਆਂ ਕਲਪ ਕਰ ਦਿੱਤੀ। ਇਹ ਜੋਤ ਮਹਾਨ ਗੁਰੂ ਸਾਹਿਬਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਨਿਕਲ ਕੇ ਜੀਅ-ਦਾਨ ਅੰਮ੍ਰਿਤ ਵਾਂਗ ਅੱਗੇ ਜਾਂਦੀ ਰਹੀ ਅਤੇ ਡੁੱਬਦੀਆਂ ਰੂਹਾਂ ਨੂੰ ਬਚਾਉਂਦੀ ਰਹੀ।

ਬਾਣੀ ਪਹਿਲਾਂ ਤੋਂ ਹੀ ਗੁਰੂ ਸੀ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਕੀਤਾ ਬਾਣੀ ਦੁਆਰਾ। ਉਹ ਜੋਤ ਸ੍ਰੀ ਗੁਰੂ ਅੰਗਦ ਦੇਵ ਜੀ ਵਿੱਚ ਆਈ, ਉਪਦੇਸ਼ ਬਾਣੀ ਦੁਆਰਾ ਹੁੰਦਾ ਰਿਹਾ। ਤੀਜੀ ਪਾਤਿਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਗੱਦੀ ਤੇ ਬਿਰਾਜੇ ਤੇ ਉਵੇਂ ਉਪਦੇਸ਼ ਹੁੰਦਾ ਰਿਹਾ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੱਦੀ ਤੇ ਬਿਰਾਜਮਾਨ ਹੋਏ, ਉਪਦੇਸ਼ ਬਾਣੀ ਦੁਆਰਾ ਹੋ ਰਿਹਾ ਹੈ। ਗੁਰਮੁਖਾਂ ਵਾਸਤੇ ਉਹੀ ਗੁਰੂ ਜੀ ਬੈਠੇ ਬਾਣੀ ਦੁਆਰਾ ਉਪਦੇਸ਼ ਕਰ ਰਹੇ ਹਨ। ਮੂਰਖ ਲਈ ਫਰਕ ਹੈ ਗਿਆਨੀ ਲਈ ਪ੍ਰਤੱਖ ਗੁਰੂ ਹੈ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੱਦੀ ਪਰ ਹੈ, ਉਪਦੇਸ਼ ਬਾਣੀ ਦੁਆਰਾ ਹੈ। ਗੁਰਮੁਖਾਂ ਲਈ ਕੋਈ ਫਰਕ ਨਹੀਂ ਹੈ, ਫਰਕ ਹਮਾਰੀ ਦ੍ਰਿਸ਼ਟੀ ਮੇ ਹੈ, ਦ੍ਰਿਸ਼ਟੀ ਪੱਕੀ ਕਰਨੀ ਹੈ।

ਹਾਜ਼ਰ ਨਾਜ਼ਰ ਜਾਗਦੀ ਜੋਤ, ਜ਼ਾਹਰਾ ਜ਼ਹੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਵਿਸ਼ਵ ਨੂਰ ਨਾਲ ਇਸ ਜਗਤ ਵਿੱਚ ਇਲਾਹੀ ਪ੍ਰਕਾਸ਼ ਕਰ ਰਹੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਰ ਪਵਿੱਤਰ ਸ਼ਬਦ ਵਿੱਚ ਉਹੀ ਪ੍ਰਕਾਸ਼ ਤੇ ਉਹੀ ਤਾਣ ਵਿਦਮਾਨ ਹੈ ਜੋ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਰਚਨ ਵੇਲੇ ਸੀ। ਇਹ ਇਨਸਾਨੀ ਸਮਝ ਤੋਂ ਕਿਤੇ ਵਧੇਰੇ ਸ਼ਕਤੀਸ਼ਾਲੀ ਅਤੇ ਪਰਤਾਪਮਈ ਹੈ। ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਸ਼ਬਦਾਂ ਨੂੰ ਉਚਾਰਿਆ ਸੀ ਤਾਂ ਵੱਡੇ ਤੋਂ ਵੱਡੇ ਪਾਪੀ ਵੀ ਸ਼ਬਦ ਸੁਣ ਕੇ ਦਰਵੇਸ਼ ਬਣ ਗਏ ਸਨ। ਜੇ ਅਸੀਂ ਕਿਤਾਬ ਦ੍ਰਿਸ਼ਟੀ ਅਤੇ ਕਿਤਾਬ ਭਾਵਨਾ ਨੂੰ ਗੁਰੂ ਦ੍ਰਿਸ਼ਟੀ ਅਤੇ ਗੁਰੂ ਭਾਵਨਾ ਵਿੱਚ ਬਦਲ ਲਈਏ ਤਾਂ ਅੱਜ ਸਾਨੂੰ ਵੀ ਇਸ ਬਾਣੀ ਵਿੱਚ ਉਹੀ ਸਮਰਥਾ ਦਿੱਸੇ ਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੀ ਪ੍ਰਤੱਖ ਦੇਹ ਜਾਣਨ ਦੇ ਪੱਕੇ ਨਿਸ਼ਚੇ ਦੀ ਕਮਾਈ ਨਾਲ ਜੀਵਾਂ ਉੱਤੇ ਜਾਦੂਮਈ ਪ੍ਰਭਾਵ ਪੈਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦਾ ਬਹਿਸ਼ਤੀ ਰੂਪ ਦੇਸ਼ ਅਤੇ ਕਾਲ ਦੀਆਂ ਸੀਮਾਵਾਂ ਤੋਂ ਬਾਹਰ ਹੈ।

ਉੱਪਰ ਦੱਸੀ ਵਿਧੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਮਤ ਪ੍ਰਾਪਤ ਕਰਵਾਉਂਦਿਆਂ ਉਨ੍ਹਾਂ ਨੇ ਰੋਜ਼ਾਨਾ ਜ਼ਿੰਦਗੀ ਦੇ ਕਾਰ-ਵਿਹਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਨੂੰ ਅਨਿਖੜਵਾਂ ਅੰਗ ਬਣਾਇਆ ਹੈ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥਮਈ ਨਿਸ਼ਚੇ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ ਜਗਮਗਾਉਂਦੇ ਵਿਸ਼ਵ ਨੂਰ ਵਿੱਚ ਬਦਲਿਆ ਹੈ। ਬਾਬਾ ਨੰਦ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਣ ਦੀ ਇਸ ਆਸਾਨ ਤੇ ਸਰਲ ਵਿਧੀ ਦਾ ਇਕ ਦਰਿਆ ਵਗਾਇਆ ਹੈ।

ਬਾਬਾ ਜੀ ਦਾ ਇਲਾਹੀ ਢੰਡੋਰਾ ਸੁਣ ਕੇ ਮਨੁੱਖੀ ਜੀਵਾਂ ਦੇ ਝੁੰਡ ਇਸ ਰੱਖਿਅਕ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈਣ ਅਤੇ ਕਲਿਯੁਗ ਦੇ ਭਿਆਨਕ ਭਵ ਸਾਗਰ ਨੂੰ ਪਾਰ ਕਰਨ ਲਈ ਉਨ੍ਹਾਂ ਦੀ ਸ਼ਰਨ ਵਿੱਚ ਆ ਗਏ ਸਨ। ਬਾਬਾ ਨੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਮਾ ਗਏ।

ਉਨ੍ਹਾਂ ਨੇ ਹਨੇਰੇ ਵਿੱਚ ਭਟਕਦੀਆਂ ਲੱਖਾਂ ਰੂਹਾਂ ਨੂੰ ਉਨ੍ਹਾਂ ਦੀ ਰੂਹਾਨੀ ਮੰਜ਼ਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਹਾਨੀ ਪ੍ਰਕਾਸ਼ ਨਾਲ ਰੋਸ਼ਨ ਕੀਤਾ। ਉਨ੍ਹਾਂ ਨੇ ਨਾਮ ਸਿਮਰਨ ਦੀ ਰੂਹਾਨੀ ਸੁੰਦਰਤਾ ਅਤੇ ਹਰ ਇਕ ਦੇ ਜੀਵਨ ਵਿੱਚ ਰੂਹਾਨੀ ਅਨੁਭਵ ਵਾਸਤੇ ਮਹੀਨੇ ਵਿੱਚ ਇਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੀ ਸਿਖਿਆ ਦਿੱਤੀ। ਉਨ੍ਹਾਂ ਨੇ ਹਜ਼ਾਰਾਂ-ਲੱਖਾਂ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਿਹਰ ਵਿੱਚ ਲਿਆਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਬੀ ਪ੍ਰੇਮ ਦਾ ਸਿੱਧਾ ਅਤੇ ਡੂੰਘਾ ਰਿਸ਼ਤਾ ਕਾਇਮ ਕੀਤਾ ਗਿਆ। ਇਹ ਪਿਆਰ ਦਾ ਰਿਸ਼ਤਾ ਉਸ ਤਰ੍ਹਾਂ ਦਾ ਸੀ ਜਿਹੜਾ ਨਿਮਾਣੇ ਨੌਕਰ ਅਤੇ ਮਾਲਕ, ਪੁਤਰ ਅਤੇ ਪਿਤਾ, ਇਕ ਨਿਮਾਣੇ ਸਿੱਖ ਅਤੇ ਸਰਬਉੱਚ ਪੂਜਣਯੋਗ ਗੁਰੂ ਪਰਮੇਸ਼ਰ ਵਿੱਚਕਾਰ ਹੁੰਦਾ ਹੈ। ਪਹਿਲਾਂ ਲੋਕ ਅਗਿਆਨਤਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਘਰਾਂ ਵਿੱਚ ਅਲਮਾਰੀਆਂ, ਨੌਕਰਾਂ ਵਾਲੇ ਕਮਰਿਆਂ, ਗੈਰਾਜਾਂ, ਅਣਘੜਤ ਅਤੇ ਗ਼ਲਤ ਥਾਵਾਂ ਵਿੱਚ ਰੱਖਦੇ ਸਨ। ਪਰ ਹੁਣ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੀ ਸਤਿਕਾਰ ਕਰਨ ਲਗ ਪਏ ਹਨ ਅਤੇ ਚੰਗੀ ਢੁਕਵੀਂ ਥਾਂ ਵਿੱਚ ਪ੍ਰਕਾਸ਼ ਕਰਦੇ ਹਨ। ਮਹਾਨ ਸ੍ਰੀ ਗੁਰੂ ਨਾਨਕ ਸਾਹਿਬ ਦੀ ਇਲਾਹੀ ਸ਼ਾਨ ਦਾ ਦਿਲੋਂ ਖ਼ਿਆਲ ਕਰਦੇ ਹਨ। ਹੁਣ ਉਨ੍ਹਾਂ ਨੂੰ ਇਸਦਾ ਵਧੇਰੇ ਪਵਿੱਤਰ ਰੂਪ ਨਜ਼ਰ ਆ ਰਿਹਾ ਹੈ। ਸ਼ਰਧਾਲੂ ਜਨ ਨਵੀਂ ਰੂਹ ਤੇ ਸੱਚੀ ਸ਼ਰਧਾ ਨਾਲ ਆਪਣੇ ਘਰਾਂ ਵਿੱਚ ਬਿਰਾਜਮਾਨ ਗੁਰੂ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦਾ ਅਹਿਸਾਸ ਕਰਨ ਲਗ ਪਏ ਹਨ।