ਸਭ ਦੇ ਦਿਲਾਂ ਦੀਆਂ ਜਾਨਣ ਵਾਲੇ

ਸਤਿਕਾਰਯੋਗ ਪਿਤਾ ਜੀ ਦੇ ਆਪਣੇ ਸ਼ਬਦਾਂ ਵਿੱਚ, “ਇਕ ਦਿਨ ਸਬੱਬ ਇਸ ਤਰ੍ਹਾਂ ਬਣਿਆ ਕਿ ਡਾਕੂਆਂ ਦਾ ਲਗਾਤਾਰ ਪਿੱਛਾ ਕਰਨ ਤੋਂ ਬਾਅਦ ਮੈਂ ਚਾਰ ਦਿਨਾਂ ਉਪਰੰਤ ਮੋਗੇ ਆਪਣੇ ਘਰ ਵਾਪਸ ਆਇਆ। ਮੈਂ ਥੱਕਿਆ ਹੋਇਆ ਅਤੇ ਭੁੱਖਾ ਸੀ ਇਸ ਲਈ ਮੈਂ ਭੋਜਨ ਬਾਰੇ ਪੁੱਛਿਆ । ਪਰੰਤੂ ਮੈਨੂੰ ਪਰੋਸਿਆ ਗਿਆ ਭੋਜਨ ਮੇਰੀ ਸੰਤੁਸ਼ਟੀ ਦੇ ਕਾਬਿਲ ਨਹੀਂ ਸੀ । ਮੈਂ ਬਿਨਾਂ ਭੋਜਨ ਕੀਤਿਆਂ ਉੱਠ ਖਲੋਇਆ ਅਤੇ “ਠਾਠ” ਵੱਲ ਬਾਬਾ ਜੀ ਦੇ ਦਰਸ਼ਨ ਕਰਨ ਲਈ ਤੁਰ ਪਿਆ । ਜਿਵੇਂ ਹੀ ਮੈਂ ਉਨ੍ਹਾਂ ਦੇ ਸਨਮੁਖ ਨਮਸਕਾਰ ਕੀਤਾ, ਪਹਿਲੀ ਹੀ ਗੱਲ ਜੋ ਉਨ੍ਹਾਂ ਨੇ ਆਪਣੇ ਮੁਬਾਰਕ ਮੁਖਾਰਬਿੰਦ ਵਿੱਚੋਂ ਉਚਾਰੀ ਉਹ ਇਹ ਸੀ :

“ਡਿੱਪਟੀ ਰੋਟੀ ਦਾ ਕੀ ਹੈ, ਜਿਹੀ ਮਿਲੀ ਖਾ ਲਈ ਤੇ ਗੁਰੂ ਨਾਨਕ ਦਾ ਸ਼ੁਕਰਾਨਾ ਕੀਤਾ” ।

ਫਿਰ ਮੇਰੇ ਵੱਲ ਅਜਿਹੀ ਹਮਦਰਦੀ ਨਾਲ ਦੇਖਿਆ ਕਿ ਉਸ ਤੋਂ ਬਾਅਦ ਉੱਤਮ ਸਵਾਦ ਅਤੇ ਜ਼ਰੂਰਤਾਂ ਪ੍ਰਤੀ ਜੋ ਲਗਾਵ ਸੀ ਉਹ ਪੂਰੀ ਤਰ੍ਹਾਂ ਸਮਾਪਤ ਹੋ ਗਿਆ। ਫਿਰ ਮਹਾਨ ਬਾਬਾ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਮੈਨੂੰ ਪ੍ਰਸ਼ਾਦ ਦੇ ਕੇ ਮੇਰੇ ਤੇ ਮਹਾਨ ਕਿਰਪਾ ਕੀਤੀ । ਇਹ ਅਜਿਹਾ ਪ੍ਰਸ਼ਾਦ ਸੀ ਜੋ ਕਿ ਸਭ ਤਰ੍ਹਾਂ ਦੀਆਂ ਭੁੱਖਾਂ ਪਿਆਸਾਂ ਨੂੰ ਹਮੇਸ਼ਾ ਲਈ ਸ਼ਾਂਤ ਕਰਦਾ ਅਤੇ ਸੰਤੁਸ਼ਟੀ ਦਿੰਦਾ ਹੈ ।