ਗੁਰੂ ਨਾਨਕ ਦਾਤਾ ਬਖਸ਼ ਲੈ ।।
ਬਾਬਾ ਨਾਨਕ ਬਖਸ਼ ਲੈ।।

ਇਕ ਦਿਨ ਮੈਂ ਆਪਣੇ ਪਿਛਲੇ ਮਹੀਨਿਆਂ ਦਾ ਹਿਸਾਬ ਕਿਤਾਬ ਕਰਨ ਅਤੇ ਕਾਗਜ਼ਾਂ ਨੂੰ ਫਾਈਲਾਂ ਵਿੱਚ ਲਾਉਂਣ ਦੇ ਕੰਮ ਵਿੱਚ ਕਾਫ਼ੀ ਰੁੱਝਾ ਰਿਹਾ । ਸ਼ਾਮ ਨੂੰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਨਾਮ-ਸਿਮਰਨ ਦਾ ਨਿਤਨੇਮ ਪੂਰਾ ਕੀਤਾ ਤਾਂ ਮੈਨੂੰ ਇਕ ਨਿਰੰਕਾਰੀ ਸੂਰਤ ਨੇ ਦਰਸ਼ਨ ਦਿੱਤੇ, ਇਹ ਹਜ਼ੂਰ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਸਨ ।

ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਪੁੱਛਿਆ, “ਅੱਜ ਤੂੰ ਸਾਰਾ ਦਿਨ ਹਿਸਾਬ-ਕਿਤਾਬ ਵਿੱਚ ਹੀ ਗੁਜ਼ਾਰ ਦਿੱਤਾ ਹੈ । ਤੁਸੀ ਸਾਰਿਆਂ ਤੋਂ ਹਿਸਾਬ-ਕਿਤਾਬ ਦਾ ਵੇਰਵਾ ਮੰਗਦੇ ਹੋ । ਜੇ ਤੁਹਾਨੂੰ ਇਸ ਜਨਮ ਦਾ ਹਿਸਾਬ ਕਿਤਾਬ ਪੇਸ਼ ਕਰਨ ਲਈ ਕਿਹਾ ਜਾਵੇ? (ਮੈਂ ਡਗਮਗਾ ਗਿਆ) ਇਸ ਜਨਮ ਦਾ ਹੀ ਨਹੀਂ, ਜੇ ਤੁਹਾਨੂੰ ਪਿਛਲੇ ਜਨਮਾਂ ਦਾ ਸਾਰਾ ਹਿਸਾਬ-ਕਿਤਾਬ ਪੁੱਛਿਆ ਜਾਵੇ ਤਾਂ ਫਿਰ ਤੁਸੀਂ ਕੀ ਕਰੋਗੇ? “ਮੈਂ ਪੂਰੀ ਤਰ੍ਹਾਂ ਡਗਮਗਾ ਗਿਆ ਅਤੇ ਇਹ ਮਹਿਸੂਸ ਕੀਤਾ ਕਿ ਹਰ ਕੋਈ ਆਪਣੇ ਚੰਗੇ ਮਾੜੇ ਕਰਮਾਂ ਲਈ ਜੁਆਬਦੇਹ ਹੈ । ਹਰ ਕੋਈ ਆਪਣੇ ਪਾਪਾਂ ਲਈ ਰੱਬ ਨੂੰ ਜੁਆਬ ਦੇਹ ਹੋਵੇਗਾ। ਹਰ ਇਕ ਨੂੰ ਆਪਣੇ ਸਾਰੇ ਕੰਮਾਂ ਦਾ ਵਿਸਥਾਰ ਵਿੱਚ ਲੇਖਾ ਦੇਣਾ ਪਵੇਗਾ ਅਤੇ ਸੱਚ ਦੀ ਇਸ ਵੱਡੀ ਅਦਾਲਤ ਵਿੱਚ ਠੀਕ ਹਿਸਾਬ-ਕਿਤਾਬ ਅਤੇ ਫ਼ੈਸਲਾ ਕੀਤਾ ਜਾਵੇਗਾ ।

ਅਚਾਨਕ ਮੈਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਬਚਨ ਯਾਦ ਆ ਗਏ,

ਸਾਡੀ ਹਿਸਾਬ ਨਾਲ ਨਹੀਂ ਮੁੱਕਣੀ,
ਹਿਸਾਬ ਨਾਲ ਸਾਡੀ ਪੂਰੀ ਨਹੀਂ ਪੈਣੀ ।
ਕੰਮਾਂ ਦੇ ਹਿਸਾਬ-ਕਿਤਾਬ ਦੇ ਆਧਾਰ ਤੇ ਸਾਡਾ ਬਚਾਓ ਨਹੀਂ ਹੋਣਾ।

ਇਸ ਤੋਂ ਤੁਰੰਤ ਬਾਅਦ ਮੈਂ ਆਪਣੇ ਪਿਤਾ ਜੀ ਨੂੰ ਹੱਥ ਜੋੜੇ ਤੇ ਖੜ੍ਹੇ ਹੋ ਕੇ ਬਹੁਤ ਨਿਮਰਤਾ ਨਾਲ ਆਪਣੀ ਆਤਮਾ ਦੀਆਂ ਗਹਿਰਾਈਆਂ ਵਿੱਚੋਂ ਅਰਦਾਸ ਕਰਦੇ ਵੇਖਿਆ,

ਗੁਰੂ ਨਾਨਕ ਦਾਤਾ ਬਖਸ਼ ਲੈ ।
ਬਾਬਾ ਨਾਨਕ ਬਖਸ਼ ਲੈ ।।

ਮੈਨੂੰ ਮਨੁੱਖ ਦੇ ਕਰਮਾਂ ਦੀ ਭਿਆਨਕ ਬਿਮਾਰੀ ਜਿਸ ਤੋਂ ਕੋਈ ਬੱਚ ਨਹੀਂ ਸਕਦਾ, ਬਾਰੇ ਮਹਾਨ ਰੂਹਾਨੀ ਨੁਸਖੇ ਤੇ ਇਕ ਆਲੌਕਿਕ ਇਲਾਜ-ਸ਼ਬਦ ਸ਼ਕਤੀ ਪੂਰੀ ਤਰ੍ਹਾਂ ਸਮਝ ਆ ਗਈ।

ਸ੍ਰੀ ਗੁਰੂ ਨਾਨਕ ਸਾਹਿਬ ਦੀ ਬੇਅੰਤ ਮਿਹਰ ਦੀ ਕੋਈ ਸੀਮਾ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਡੇ ਵੱਡੇ ਪਾਪੀਆਂ ਦਾ ਉੱਧਾਰ ਕਰਦੇ ਸਨ । ਦਿਆਲੂ ਗੁਰੂ, ਸਤਿਗੁਰੂ ਨਾਨਕ ਦੇਵ ਜੀ ਨੇ ਕੌਡੇ ਰਾਖਸ਼, ਸੱਜਣ ਠੱਗ, ਦੀਪਾਲਪੁਰ ਦੇ ਕੁਸ਼ਟੀ (ਕੋੜ੍ਹੀ) ਅਤੇ ਹੋਰ ਬਹੁਤ ਸਾਰਿਆਂ ਤੋਂ ਉਨ੍ਹਾਂ ਦੇ ਹਿਸਾਬ-ਕਿਤਾਬ ਨਹੀਂ ਮੰਗੇ ਸਨ ।

ਇਹ ਅਰਦਾਸ ਹਰੇਕ ਜਗਿਆਸੂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੀ ਬੇਅੰਤ ਮਿਹਰ ਦੇ ਘੇਰੇ ਵਿੱਚ ਲੈ ਜਾਂਦੀ ਹੈ । ਅਰਦਾਸ ਮਨੁੱਖ ਨੂੰ ਹਿਸਾਬ-ਕਿਤਾਬ ਦੇ ਪੰਜਿਆਂ ਤੋਂ ਬਚਾਉਂਦੀ ਹੈ । ਮੈਂ ਆਪਣੇ ਪਿਤਾ ਜੀ ਦੇ ਪਿਛੇ ਖੜ੍ਹਾ ਹੋ ਕੇ ਪਰਮ ਕ੍ਰਿਪਾਲੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਅੱਗੇ ਮੁਆਫ਼ੀ ਲਈ ਅਰਦਾਸ ਕਰਨ ਲੱਗ ਪਿਆ । ਸ੍ਰੀ ਗੁਰੂ ਨਾਨਕ ਸਾਹਿਬ ਦਿਆਲਤਾ ਅਤੇ ਮਿਹਰ ਦੇ ਸੁਆਮੀ ਹਨ ।

ਸਤਿਗੁਰੁ ਦਯਾ ਨਿਧਿ ਮਹਿਮਾ ਅਗਾਧਿ ਬੋਧ ।।
ਨਮੋ ਨਮੋ ਨਮੋ ਨਮੋ ਨੇਤਿ ਨੇਤਿ ਨੇਤਿ ਹੈ ।।
ਭਾਈ ਗੁਰਦਾਸ ਜੀ

ਬਾਬਾ ਹਰਨਾਮ ਸਿੰਘ ਜੀ ਮਹਾਰਾਜ ਮੁਸਕਰਾਏ ਅਤੇ ਅਲੋਪ ਹੋ ਗਏ।

ਲੇਖਾ ਮਾਗੈ ਤਾ ਕਿਨਿ ਦੀਐ ।।
ਸੁਖੁ ਨਾਹੀ ਫੁਨਿ ਦੂਐ ਤੀਐ ।।
ਆਪੇ ਬਖਸਿ ਲਏ ਪ੍ਰਭੁ ਸਾਚਾ ਆਪੇ
ਬਖਸਿ ਮਿਲਾਵਣਿਆ ।।

ਸ੍ਰੀ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ,

ਜੇ ਸਾਹਿਬ-ਪ੍ਰਭੂ ਕੰਮਾਂ ਦਾ ਲੇਖਾ ਮੰਗੇ ਤਾਂ ਪ੍ਰਭੂ ਦੀ ਸੰਤੁਸ਼ਟਤਾ ਲਈ ਅਜਿਹਾ ਕੌਣ ਕਰ ਸਕਦਾ ਹੈ। ਲੇਖੇ ਦੇ ਆਧਾਰ ਤੇ ਕਦੀ ਬਖਸ਼ਿਸ਼ ਪ੍ਰਾਪਤ ਨਹੀਂ ਹੁੰਦੀ । ਪਰਮਾਤਮਾ ਆਪਣੀ ਦਇਆ ਨਾਲ ਹੀ ਮੁਆਫ਼ ਕਰਦਾ ਹੈ ਅਤੇ ਆਪ ਹੀ ਪ੍ਰਭੂ ਆਪਣੇ ਨਾਲ ਜੋੜਦਾ ਹੈ ।
ਗੁਰੂ ਨਾਨਕ ਦਾਤਾ ਬਖਸ਼ ਲੈ ।
ਬਾਬਾ ਨਾਨਕ ਬਖਸ਼ ਲੈ ।।

ਇਹ ਤਰਸਵਾਨ ਸਤਿਗੁਰੂ, ਗੁਰੂ ਨਾਨਕ ਦੇਵ ਜੀ ਨੂੰ ਤਰਸ ਕਰਨ ਲਈ ਅਪੀਲ ਹੈ ।

ਇਹ ਆਤਮਕ ਹਿਲੋਰਾ ਦੇਣ ਵਾਲੀ ਅਪੀਲ ਨਿਰਾਲੀ ਅਤੇ ਜਾਦੂ ਵਰਗੀ ਹੈ ।