ਕਦੇ ਸਰਾਪ ਨਾ ਦੇਣਾ

Humbly request you to share with all you know on the planet!

He blessed even those who were hostile and inimical towards Him.
ਬਾਬਾ ਜੀ ਨੇ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਕਿਸੇ ਨੂੰ ਸਰਾਪ ਨਹੀਂ ਦਿੱਤਾ ਸੀ। ਉਨ੍ਹਾਂ ਨੇ ਆਪਣੇ ਮੁਬਾਰਕ ਮੁੱਖ ਤੋਂ ਕਿਸੇ ਬਾਰੇ ਕਦੇ ਕੋਈ ਭੈੜਾ ਸ਼ਬਦ ਜਾਂ ਨਿੰਦਿਆਂ ਦੇ ਬੋਲ ਨਹੀਂ ਬੋਲੇ ਸਨ;
ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ॥
ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ॥

ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਸਭ ਲਈ ਦਇਆ ਹੁੰਦੀ ਹੈ।

ਬ੍ਰਹਮ ਗਿਆਨੀ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ।

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਅਜਿਹੇ ਲੋਕਾਂ ਦਾ ਵੀ ਭਲਾ ਹੀ ਮੰਗਿਆ ਸੀ ਜਿਹੜੇ ਉਨ੍ਹਾਂ ਦੀ ਨਿੰਦਿਆ ਕਰਦੇ ਸਨ, ਇਕ ਵਾਰ ਆਪ ਨੇ ਫੁਰਮਾਇਆ ਸੀ,

“ਜੇ ਸੰਤ ਜਾਂ ਮਹਾਂ ਪੁਰਖ ਨੇ ਕਿਸੇ ਨੂੰ ਸਰਾਪ ਹੀ ਦੇਣਾ ਹੈ ਤਾਂ ਫਿਰ ਸੰਤ ਅਤੇ ਕਸਾਈ ਵਿੱਚ ਕੀ ਫਰਕ ਹੋਇਆ।”

ਇਕ ਵਾਰ ਭਾਈ ਰਤਨ ਸਿੰਘ ਜੀ ਨੇ ਬਾਬਾ ਜੀ ਨੂੰ ਦੱਸਿਆ ਕਿ ਇਕ ਆਦਮੀ ਹਮੇਸ਼ਾ ਤੁਹਾਡੇ ਬਾਰੇ ਬੋਲ ਕਬੋਲ ਬੋਲਦਾ ਰਹਿੰਦਾ ਹੈ। ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਉਸ ਆਦਮੀ ਦੀ ਰਤਨ ਸਿੰਘ ਨਾਲੋਂ ਪਹਿਲਾਂ ਮੁਕਤੀ ਹੋਵੇਗੀ ਕਿਉਂਕਿ ਉਹ ਰਤਨ ਸਿੰਘ ਨਾਲੋਂ ਵਧੇਰੇ ਧਿਆਨ ਤੇ ਯਾਦ ਨਾਲ “ਉਸ” ਨੂੰ ਯਾਦ ਕਰਦਾ ਹੈ।

ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ॥

ਉਹ ਆਵਾਗੌਣ ਤੋਂ ਮੁਕਤ ਹੁੰਦਾ ਹੈ, ਸਾਰੇ ਸੰਸਾਰ ਨੂੰ ਮੁਕਤ ਕਰਦਾ ਹੈ, ਅਜਿਹੇ ਮਹਾਂਪੁਰਖ ਨੂੰ ਸਦਾ ਨਮਸਕਾਰ ਹੈ, ਅਜਿਹੇ ਮਹਾਂਪੁਰਖ ਕਈ ਯੁੱਗਾਂ ਬਾਅਦ ਧਰਤੀ ਤੇ ਆਉਂਦੇ ਹਨ। ਉਨ੍ਹਾਂ ਦੀ ਪਵਿੱਤਰ ਸੰਗਤ ਵਿੱਚ ਪ੍ਰਭੂ ਦੀ ਮਹਿਮਾ ਗਾਉਣ ਨਾਲ ਮਨੁੱਖ ਇਸ ਭਵਜਲ ਸੰਸਾਰ ਤੋਂ ਆਸਾਨੀ ਨਾਲ ਪਾਰ ਹੋ ਜਾਂਦਾ ਹੈ।

ਬਾਬਾ ਜੀ ਨੇ ਉਨ੍ਹਾਂ ਦਾ ਵੀ ਭਲਾ ਹੀ ਮੰਗਿਆ ਸੀ ਜਿਹੜੇ ਉਨ੍ਹਾਂ ਦੇ ਵਿਰੋਧੀ ਸਨ ਜਾਂ ਉਨ੍ਹਾਂ ਪ੍ਰਤੀ ਈਰਖਾ ਰੱਖਦੇ ਸਨ। ਉਨ੍ਹਾਂ ਦੇ ਰੂਹਾਨੀ ਨਿਜ਼ਾਮ ਵਿੱਚ ਦਇਆ ਅਤੇ ਮਿਹਰ ਤੋਂ ਕੋਈ ਖ਼ਾਲੀ ਨਹੀਂ ਰਹਿੰਦਾ ਸੀ।

ਬ੍ਰਹਮ ਗਿਆਨੀ ਦੇ ਹਿਰਦੇ ਤੋਂ ਸਭ ਲਈ ਦਇਆ ਤੇ ਮਿਹਰ ਦੀ ਬਰਾਬਰ ਵਰਖਾ ਹੁੰਦੀ ਹੈ। ਇਸ ਤਰ੍ਹਾਂ ਦੀ ਪੁੱਜੀ ਹੋਈ ਆਤਮਾ ਨੇ ਕਦੇ ਕਿਸੇ ਦਾ ਬੁਰਾ ਨਹੀ ਕੀਤਾ ਸੀ। ਉਨ੍ਹਾਂ ਦੀ ਅਪਾਰ ਦਇਆ ਦ੍ਰਿਸ਼ਟੀ ਨਾਲ ਹਜ਼ਾਰਾਂ ਲੱਖਾਂ ਪ੍ਰਾਣੀਆਂ ਨੂੰ ਮੁਕਤੀ ਪ੍ਰਾਪਤ ਹੋਈ। ਉਨ੍ਹਾਂ ਨੇ ਨਾ ਕੇਵਲ ਆਪਣੇ ਸ਼ਰਧਾਲੂਆਂ ਦਾ ਹੀ ਉੱਧਾਰ ਕੀਤਾ, ਸਗੋਂ ਉਨ੍ਹਾਂ ਨੇ ਅਗਿਆਨੀਆਂ ਅਤੇ ਦੁਸ਼ਮਣਾਂ ਦਾ ਵੀ ਉੱਧਾਰ ਕੀਤਾ ਹੈ;

ਸੰਤ ਵਾਸਤੇ ਨਿੰਦਿਆ ਵਰਦਾਨ ਹੈ ਅਤੇ ਦੁਨਿਆਵੀ ਆਦਮੀ ਵਾਸਤੇ ਦੁੱਖਦਾਈ ਹੈ।