Charan Kamal Di Chhoo Da Partap

Humbly request you to share with all you know on the planet!

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਵਾਰ ਇਕ ਪਾਵਨ ਸਾਖੀ ਸੁਣਾਈ : ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਹੈ । ਕੀਰਤਨ ਦੀ ਚੌਂਕੀ ਭਰੀ ਜਾ ਰਹੀ ਹੈ । ਪਾਵਨ ਸ਼ਬਦ (ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ) ਦੀ ਇਲਾਹੀ ਧੁਨੀਂ ਵਿੱਚ ਸਾਰੀ ਸੰਗਤ ਆਨੰਦ ਮਾਣ ਰਹੀ ਹੈ । ਕਾਜ਼ੀ ਸਲਾਰਦੀਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਤੇ ਸਿੱਖਾਂ ਨੇ ਬੜੇ ਸਤਿਕਾਰ ਨਾਲ ਇਕ ਪਾਸੇ ਬਿਠਾ ਲਿਆ । ਕੀਰਤਨ ਸ਼ਬਦ ਸੁਣਦੇ ਸੁਣਦੇ ਇਕ ਸ਼ੰਕਾਂ ਮਨ ਵਿੱਚ ਉਪਜਿਆ ਕਿ,

ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ।।
ਸ੍ਰੀ ਗੁਰ ਗ੍ਰੰਥ ਸਾਹਿਬ ਅੰਗ-937

ਜੇ ਲੇਖ ਹੀ ਨਹੀਂ ਮਿਟੇਗਾ ਤਾਂ ਗੁਰੂ ਦਰਬਾਰ ਵਿੱਚ ਆਉਣ ਦਾ ਕੀ ਲਾਭ ਹੋਇਆ ।

ਕੀਤਰਨ ਚੌਂਕੀ ਦੇ ਉਪਰੰਤ ਸੱਚੇ ਪਾਤਸ਼ਾਹ ਸ੍ਰੀ ਗੁਰੂ}ਗੋਬਿੰਦ ਸਿੰਘ ਸਾਹਿਬ ਪੁੱਛਦੇ ਹਨ ਕਾਜ਼ੀ ਸਾਹਿਬ ਉਂਗਲੀ ਵਿੱਚ ਕੀ ਪਾਇਆ ਹੋਇਆ ਹੈ, ਗਰੀਬ ਨਿਵਾਜ਼ ਇਹ ਮੋਹਰਛਾਪ ਹੈ । ਜਦੋਂ ਮੈਂ ਕਾਜ਼ੀ ਦੇ ਤੌਰ ਤੇ ਕਿਸੇ ਨੂੰ ਕੋਈ ਫਤਵਾ ਦਿੰਦਾ ਹਾਂ ਤਾਂ ਇਹ ਮੋਹਰ ਲਗਾ ਦਿੰਦਾ ਹਾਂ ।

ਇਸ ਮੋਹਰਛਾਪ ਦੇ ਅੱਖਰ ਕਿਸ ਤਰ੍ਹਾਂ ਬਣੇ ਹੋਏ ਹਨ ?

ਦਸਮੇਸ਼ ਪਿਤਾ ਜੀ ਨੇ ਕਾਜ਼ੀ ਸਲਾਰਦੀਨ ਨੂੰ ਪੁੱਛਿਆ । “ਸੱਚੇ ਪਾਤਸ਼ਾਹ ਇਸ ਮੋਹਰਛਾਪ ਦੇ ਅੱਖਰ ਉਲਟੇ ਹਨ ਪਰ ਜਦੋਂ ਹੀ ਇਹ ਕਾਗਜ਼ ਤੇ ਲੱਗਦੇ ਹਨ ਤਾਂ ਸਿੱਧੇ ਹੋ ਜਾਂਦੇ ਹਨ ।” ਕਾਜ਼ੀ ਸਲਾਰਦੀਨ ਨੇ ਉੱਤਰ ਦਿੱਤਾ।

ਦਸਮੇਸ਼ ਪਿਤਾ ਜੀ ਨੇ ਕਾਗਜ਼ ਮੰਗਵਾਇਆ ਅਤੇ ਫੁਰਮਾਇਆ: ਇਸ ਨੂੰ ਕਾਗਜ਼ ਉਪਰ ਲਗਾ ਕੇ ਦਿਖਾਉ । ਕਾਜ਼ੀ ਸਲਾਰਦੀਨ ਨੇ ਮੋਹਰਛਾਪ ਕਾਗਜ਼ ਤੇ ਲਗਾ ਕੇ ਦਿਖਾਈ ਤੇ ਕਿਹਾ ਕਿ ਗਰੀਬ ਨਿਵਾਜ਼ ਇਹ ਮੋਹਰਛਾਪ ਜਿਸ ਦੇ ਅੱਖਰ ਉਲਟੇ ਸਨ ਪਰ ਜਦੋਂ ਮੂਧੇ ਹੋ ਕੇ (ਉਲਟੀ ਹੋ ਕੇ) ਕਾਗਜ਼ ਤੇ ਲੱਗੀ ਤਾਂ ਇਸ ਦੇ ਅੱਖਰ ਸਿੱਧੇ ਹੋ ਗਏ ਹਨ ।
“ਕਾਜ਼ੀ ਸਾਹਿਬ ਜਿਸ ਵਕਤ ਕੋਈ ਸਿੱਖ ਮੂਧਾ ਹੋ ਕੇ, ਨਿਮਾਣਾ ਹੋ ਕੇ ਗੁਰੂ ਦੇ ਚਰਨਾਂ ਤੇ ਢਹਿੰਦਾ ਹੈ ਤਾਂ ਉਸ ਦੇ ਵੀ ਮਸਤਕ ਦੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ।” ਸੱਭ ਦੇ ਦਿਲਾਂ ਦੀਆਂ ਜਾਨਣ ਵਾਲੇ ਅੰਤਰਜਾਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫੁਰਮਾਇਆ ।
ਇਹ ਸਾਖੀ ਸੁਣਾਉਂਦੇ ਹੋਏ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਫਿਰ ਆਪ ਫ਼ੁਰਮਾਇਆ ਕਿ ਲੇਖ ਨਹੀਂ ਮਿਟਦਾ ਮਨਮੁੱਖਾਂ ਦਾ, ਲੇਖ ਨਹੀਂ ਮਿਟਦਾ ਹੰਕਾਰੀਆਂ ਦਾ, ਲੇਖ ਨਹੀਂ ਮਿਟਦਾ ਨਿੰਦਕਾਂ ਦਾ । ਜੇ ਗੁਰਮੁਖ ਦਾ ਵੀ ਲੇਖ ਨਾ ਮਿਟਿਆ ਤਾਂ ਫਿਰ ਗੁਰਮੁਖਤਾਈ ਦਾ ਕੀ ਪ੍ਰਤਾਪ ।

ਕਾਜ਼ੀ ਸਲਾਰਦੀਨ ਉੱਠ ਕੇ ਗੁਰੂ ਚਰਨਾਂ ਵਿੱਚ ਢਹਿ ਪਿਆ ਅਤੇ ਆਪਣੀ ਭੁੱਲ ਦੀ ਮਾਫ਼ੀ ਮੰਗੀ ।

ਰਿਖੀ ਦੇ ਸਰਾਪ ਨਾਲ ਅਹਿਲਿਆ ਸਿਲਾ ਬਣ ਗਈ ਸੀ । ਭਗਵਾਨ ਰਾਮ ਜੀ ਦੇ ਚਰਨਾਂ ਦੀ ਛੁਹ ਨਾਲ ਉਸ ਦਾ ਕਲਿਆਣ ਹੋਇਆ ਤੇ ਆਕਾਸ਼ਾਂ ਨੂੰ ਉਡ ਗਈ । ਇਹ ਸਤਿਗੁਰੂ ਦੇ ਚਰਨਾਂ ਦੀ ਛੁਹ ਦਾ ਪ੍ਰਤਾਪ ਅਤੇ ਕਮਾਲ ਹੈ ।

ਸਾਧ ਸੰਗਤ ਜੀ ਜਿਹੜਾ ਗੁਰੂ ਚਰਨਾਂ ਤੇ ਢਹਿ ਪਿਆ ਹੈ ਉਹਦਾ ਤਾਂ ਲੇਖਾ ਹੀ ਮੁੱਕ ਗਿਆ । ਉਹ ਤਾਂ ਬਖਸ਼ਿਆ ਹੋਇਆ ਹੈ । ਇਸ ਪਾਵਨ ਛੁਹ ਨਾਲ ਕਿਹੜਾ ਸਰਾਪ ਤੇ ਕਿਹੜਾ ਪਾਪ ਠਹਿਰ ਸਕਦਾ ਹੈ ।